ਮਲੌਟ, 23 ਅਗਸਤ : ਨੌਜਵਾਨ ਸ਼ਕਤੀ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ 100 ਦਿਨ 100 ਹਲਕੇ ਗੱਲ ਪੰਜਾਬ ਦੀ ਮੁਹਿੰਮ ਦੇ ਤੀਜੇ ਦਿਨ ਇਥੇ ਪੁੱਜਣ ’ਤੇ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਇਕ ਹਜ਼ਾਰ ਤੋਂ ਵੱਧ ਨੌਜਵਾਨ ਸ਼ਹਿਰ ਵਿਚ ਰੋਡ ਸ਼ੌਅ ਕਰਦਿਆਂ ਸਰਦਾਰ ਬਾਦਲ ਦੇ ਨਾਲ ਦਾਖਲ ਹੋਏ।
ਮੋਟਰ ਸਾਈਕਲਾਂ ’ਤੇ ਸਵਾਰ ਸੈਂਕੜੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਕਾਫਲੇ ਨਾਲ ਦਾਨੇਵਾਲਾ ਚੌਂਕ ਤੋਂ ਦਾਣਾ ਮੰਡੀ ਚੌਂਕ ਤੱਕ ਆਏ ਜਦਕਿ ਲੋਕਾਂ ਨੇ ਦਾਣਾ ਮੰਡੀ ਵਿ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਸਰਦਾਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਅਤੇ ਬਾਅਦ ਵਿਚ ਪਾਰਟੀ ਸਿਟੀ ਰਿਜ਼ੋਰਟ ਵਿਖੇ ਵਿਸ਼ਾਲ ਪ੍ਰੋਗਰਾਮ ਕੀਤਾ ਗਿਆ। ਕਾਫਲੇ ਨੂੰ ਪੰਜ ਕਿਲੋਮੀਟਰ ਦਾ ਸਫਰ ਤੈਅ ਕਰਨ ਵਾਸਤੇ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਾ।
ਨੌਜਵਾਨ ਸ਼ਕਤੀ ਨੇ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਕੋਲ ਪਹੁੰਚ ਕਰ ਕੇ ਦੱਸਿਆ ਕਿ ਉਹਨਾਂ ਨੇ ਕਾਂਗਰਸ ਸਰਕਾਰ ਦੇ ਰਾਜਕਾਲ ਵਿਚ ਸਭ ਤੋਂ ਵੱਧ ਮਾਨਸਿਕ ਪੀੜਾ ਝੱਲੀ ਹੈ ਕਿਉਂਕਿ ਸਰਕਾਰ ਉਹਨਾਂ ਨੁੰ ਰੋਜ਼ਗਾਰ ਦੇਣ ਵਿਚ ਨਾਕਾਮ ਰਹੀ ਹੈ।
ਉਹਨਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਨੌਜਵਾਨਾਂ ਵਾਸਤੇ ਕੁਝ ਨਹੀਂ ਕੀਤਾ ਗਿਆ ਭਾਵੇਂ ਉਹ ਘਰ ਘਰ ਨੌਕਰੀ ਦਾ ਵਾਅਦਾ ਹੋਵੇ ਜਾਂ ਫਿਰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਾਗਰੀ ਭੱਤਾ ਦੇਣ ਦੀ ਗੱਲ ਹੋਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਨੌਜਵਾਨ ਸ਼ਕਤੀ ਦਾ ਅਕਾਲੀ ਦਲ ਤੇ ਬਸਪਾ ਗਠਜੋੜ ਵਿਚ ਵਿਸ਼ਵਾਸ ਪ੍ਰਗਟ ਕਰਨ ਅਤੇ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰਪੂਰ ਕਾਂਗਰਸ ਸਰਕਾਰ ਰੱਦ ਕਰਨ ਦੇ ਫੈਸਲੇ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਗੱਲ ਪੰਜਾਬ ਦੀ ਮੁਹਿੰਮ ਤਹਿਤ ਨੌਜਵਾਨਾਂ ਤੋਂ ਨਿੱਜੀ ਤੌਰ ’ਤੇ ਫੀਡਬੈਕ ਲੈ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਲਈ ਇਕ ਵਿਆਪਕ ਪ੍ਰੋਗਰਾਮ ਦੇਦ ਦਾ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਐਲਾਨ ਕਰ ਚੁੱਕਾ ਹਾਂ ਕਿ ਪ੍ਰੋਫੈਸ਼ਨਲ ਕਾਲਜਾਂ ਵਿਚ 33 ਫੀਸਦੀ ਸੀਟਾਂ ਦਿਹਾਤੀ ਖੇਤਰ ਦੇ ਨੌਜਵਾਨਾਂ ਵਾਸਤੇ ਰਾਖਵੀਂਆਂ ਹੋਣਗੀਆਂ ਤੇ ਪੜ੍ਹਾਈ ਦਾ ਖਰਚ ਵੀ ਰਾਜ ਸਰਕਾਰੀ ਚੁੱਕੇਗੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੁੰ 10 ਸਿੱਖਿਆ ਪ੍ਰਾਪਤ ਕਰਨ ਵਾਸਤੇ 10 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਰਕਾਰੀ ਨੌਕਰੀਆਂ ਵਿਚ ਮਹਿਲਾਵਾਂ ਲਈ 50 ਫੀਸਦੀ ਰਾਖਵੇਂਕਰਨ ਦਾ ਵੀ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਆਉਂਦੇ ਦਿਨਾਂ ਵਿਚ ਨੌਜਵਾਨ ਪੱਖੀ ਕਈ ਹੋਰ ਕਦਮਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਦੀ ਭਲਾਈ ਪ੍ਰਤੀ ਵਚਨਬੱਧ ਹਾਂ।