ਅੰਮ੍ਰਿਤਸਰ/27 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੇ ਅਕਾਲੀ ਵਿਧਾਇਕ ਨੂੰ ਪਾਰਟੀ ਸ਼ਾਮਿਲ ਕਰਨ ਦੇ ਅਨੈਤਿਕ ਫੈਸਲੇ ਮਗਰੋਂ ਅਕਾਲੀ ਦਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਸੁਤੰਤਰ ਤੌਰ ਤੇ ਲੜਣ ਦਾ ਫੈਸਲਾ ਲਿਆ ਹੈ, ਪਰ ਨਾਲ ਹੀ ਕਿਹਾ ਕਿ ਇਸ ਘਟਨਾ ਦਾ ਪੰਜਾਬ ਅਤੇ ਦਿੱਲੀ ਅੰਦਰ ਅਕਾਲੀ-ਭਾਜਪਾ ਗਠਜੋੜ ਉੱਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਇਹ ਗਠਜੋੜ ਪਹਿਲਾਂ ਵਾਂਗ ਹੀ ਮਜ਼ਬੂਤ ਅਤੇ ਅਟੁੱਟ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰ ਰਿਸ਼ਤੇ ਦੀ ਇੱਕ ਮਰਿਆਦਾ ਹੁੰਦੀ ਹੈ ਅਤੇ ਹਰਿਆਣਾ ਵਿਚ ਵਾਪਰੀਆਂ ਘਟਨਾਵਾਂ ਦੇ ਮਾਮਲੇ ਵਿਚ ਗਠਜੋੜ ਦਾ ਭਰੋਸਾ ਤੋੜਣ ਲਈ ਭਾਜਪਾ ਜ਼ਿੰਮੇਵਾਰ ਹੈ। ਇਸ ਕਰਕੇ ਅਸੀਂ ਇਹ ਚੋਣਾਂ ਸੁਤੰਤਰ ਤੌਰ ਤੇ ਲੜਣ ਲਈ ਮਜ਼ਬੂਰ ਹੋ ਗਏ ਹਾਂ।
ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ। ਇਸ ਤੋਂ ਇਲਾਵਾ ਸੰਸਦੀ ਚੋਣਾਂ ਲਈ ਸਾਡਾ ਸਮਰਥਨ ਮੰਗਦਿਆਂ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਇਹ ਹਰਿਆਣਾ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜੇਗੀ। ਅਸੀ ਪੂਰੇ ਦੇਸ਼ ਅੰਦਰ ਭਾਜਪਾ ਨੇ ਡਟ ਕੇ ਸਮਰਥਨ ਕੀਤਾ ਸੀ, ਪਰੰਤੂ ਹੁਣ ਇਹ ਆਪਣੇ ਵਾਅਦੇ ਤੋਂ ਮੁਕਰ ਗਈ ਹੈ, ਜੋ ਕਿ ਗਠਜੋੜ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਪੰਜਾਬ ਅੰਦਰ ਮੁੜ ਅੱਤਵਾਦ ਪੈਦਾ ਕਰਨ ਲਈ ਜ਼ੋਰ ਲਾ ਰਿਹਾ ਹੈ, ਜੋ ਕਿ ਹਾਲ ਹੀ ਵਿਚ ਇੱਕ ਪਾਕਿਸਤਾਨੀ ਡਰੋਨ ਅਤੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਸਮੱਗਰੀ ਫੜੇ ਜਾਣ ਮਗਰੋਂ ਸਾਬਿਤ ਹੋ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹਨਾਂ ਵਿਅਕਤੀਆਂ ਨੇ ਪਾਕਿਸਤਾਨ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਸਮੱਗਰੀ ਕੀਤੀ ਸੀ, ਉਹ ਅੰਮ੍ਰਿਤਸਰ ਦੇ ਸਾਂਸਦ ਦੇ ਬਹੁਤ ਕਰੀਬੀ ਹਨ। ਉਹਨਾਂ ਕਿਹਾ ਕਿ ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਅੰਮ੍ਰਿਤਸਰ ਦੇ ਸਾਂਸਦ ਨੇ ਇਸ ਰਾਸ਼ਟਰੀ ਵਿਰੋਧੀ ਘਿਨੌਣੇ ਅਪਰਾਧ ਵਿਚ ਸ਼ਾਮਿਲ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇੱਕ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ , ਇਸ ਲਈ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਕਾਨੂੰਨ ਦੀ ਪ੍ਰਕਿਰਿਆ ਵਿਚ ਨਿੱਜੀ ਦਖ਼ਲ ਨਾ ਦੇਵੇ ਅਤੇ ਨਾ ਹੀ ਇਸ ਕੇਸ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰੇ।
ਇਸੇ ਦੌਰਾਨ ਮੁੱਖ ਮੰਤਰੀ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਪ੍ਰਧਾਨ ਨੇ ਉਹਨਾਂ ਨੂੰ ਪਿਛਲੇ ਢਾਈ ਸਾਲ ਦੌਰਾਨ ਆਪਣੀ ਸਰਕਾਰ ਦੀ ਕੋਈ ਇੱਕ ਵੱਡੀ ਪ੍ਰਾਪਤੀ ਗਿਣਾਉਣ ਲਈ ਆਖਿਆ। ਉਹਨਾਂ ਕਿਹਾ ਕਿ ਨਸ਼ਾ ਤਸਕਰੀ ਲਗਾਤਾਰ ਵਧ ਰਹੀ ਹੈ, ਕਿਉਂਕਿ ਡਰੱਗ ਮਾਫੀਆ ਨੂੰ ਕਾਂਗਰਸੀ ਆਗੂਆਂ ਦੀ ਪੁਸ਼ਤਪਨਾਹੀ ਹਾਸਿਲ ਹੈ। ਉਹਨਾਂ ਕਿਹਾ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣ ਥਾਂ, ਮੁੱਖ ਮੰਤਰੀ ਨੇ ਹੁਣ ਨਸ਼ਾ ਤਸਕਰੀ ਵਿਚ ਹੋਏ ਵਾਧੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਕਹਿੰਦਿਆਂ ਕਿ ਜ਼ਮੀਨੀ ਪੱਧਰ ਉੱਤੇ ਸੂਬੇ ਅੰਦਰ ਕੋਈ ਸਰਕਾਰ ਨਜ਼ਰ ਨਹੀਂ ਆਉਂਦਾ, ਸਰਦਾਰ ਬਾਦਲ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਕੋਈ ਵਿਕਾਸ ਨਹੀਂ ਹੋਇਆ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅਮਨ-ਕਾਨੂੰਨ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ ਕਿ ਸੂਬੇ ਅੰਦਰ ਰਾਸ਼ਟਰ-ਵਿਰੋਧੀ ਗਤੀਵਿਧੀਆਂ ਵਧਣ ਕਰਕੇ ਸਾਨੂੰ ਅੱਤਵਾਦ ਦੇ ਮੁੜ ਸਿਰ ਚੁੱਕਣ ਦਾ ਖਤਰਾ ਦਿਸਣਾ ਸ਼ੁਰੂ ਹੋ ਗਿਆ ਹੈ।