ਕਿਹਾ ਕਿ ਏਮਜ਼ ਇਸ ਖੇਤਰ ਵਿਚ ਕੈਂਸਰ ਨੂੰ ਫੈਲਣ ਤੋਂ ਰੋਕਣ ਵਿਚ ਮੱਦਦ ਕਰੇਗਾ
ਮੁੱਖ ਮੰਤਰੀ ਨੂੰ ਕਿਸਾਨਾਂ ਦੇ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਲਈ ਕਿਹਾ
ਬਠਿੰਡਾ/16 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਰੱਕੀ ਅਤੇ ਸਥਿਰਤਾ ਲਈ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਮੁੜ ਤੋਂ ਆਪਣਾ ਭਰੋਸਾ ਜਤਾਉਣ। ਇਸ ਦੇ ਨਾਲ ਹੀ ਉਹਨਾਂ ਨੇ ਬਠਿੰਡਾ ਵਿਚ ਏਮਜ਼ ਇੰਸਟੀਚਿਊਟ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਬਠਿੰਡਾ ਸ਼ਹਿਰ ਵਿਚ ਸਾਰਾ ਦਿਨ ਅਕਾਲੀ-ਭਾਜਪਾ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਵਿਚ ਏਮਜ਼ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਤ ਹੋਣ ਨਾਲ ਇਸ ਖੇਤਰ ਅੰਦਰ ਕੈਂਸਰ ਦੀ ਬੀਮਾਰੀ ਨੂੰ ਨੱਥ ਪਾਉਣ ਵਿਚ ਮੱਦਦ ਮਿਲੇਗੀ।
ਇਹ ਟਿੱਪਣੀ ਕਰਦਿਆਂ ਕਿ ਚਾਲੂ ਹੋਣ ਲਈ ਤਿਆਰ 925 ਕਰੋੜ ਰੁਪਏ ਦੀ ਲਾਗਤ ਵਾਲਾ ਏਮਜ਼ ਨਾ ਸਿਰਫ ਮਰੀਜ਼ਾਂ ਦਾ ਸਸਤਾ ਇਲਾਜ ਕਰੇਗਾ, ਸਗੋਂ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਵੀ ਪੈਦਾ ਕਰੇਗਾ, ਕਿਉਂਕਿ 750 ਬਿਸਤਰਿਆਂ ਵਾਲੇ ਹਸਪਤਾਲ ਨੂੰ ਚਲਾਉਣ ਲਈ ਹਜ਼ਾਰਾਂ ਲੋਕਾਂ ਦੀ ਜਰੂਰਤ ਪਵੇਗੀ।
ਇਸ ਮੌਕੇ ਬਠਿੰਡਾ ਸਾਂਸਦ ਨੇ ਲੋਕਾਂ ਨੂੰ ਆਪ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਾਣੇ ਬਿਆਨਾਂ ਨੂੰ ਯਾਦ ਕਰਵਾਇਆ, ਜਿਹਨਾਂ ਵਿਚ ਉਹਨਾਂ ਨੇ ਬਠਿੰਡਾ ਵਿਖੇ ਏਮਜ਼ ਬਣਾਏ ਜਾਣ ਦਾ ਸਖ਼ਤ ਵਿਰੋਧ ਕੀਤਾ ਸੀ।
ਇਸ ਦੌਰਾਨ ਬੇਮੌਸਮੀ ਬਰਸਾਤ ਅਤੇ ਝੱਖੜ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਕਿ ਉਹਨਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦਾ ਹੁਕਮ ਦੇਣ ਅਤੇ ਨਾਲ ਹੀ ਪੀੜਤ ਕਿਸਾਨਾਂ ਨੂੰ ਢੁੱਕਵਾ ਮੁਆਵਜ਼ਾ ਦੇਣ ਲਈ ਵਿੱਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰਨ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਘੱਟੋ ਘੱਟ ਇਸ ਮੁੱਦੇ ਉੱਤੇ ਉਹ ਖਾਲੀ ਖਜ਼ਾਨੇ ਦਾ ਬਹਾਨਾ ਨਹੀਂ ਬਣਾਉਣਗੇ।
ਇਸ ਤੋਂ ਪਹਿਲਾਂ ਹਲਕੇ ਅੰਦਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਵੇਲੇ ਬਠਿੰਡਾ ਵਿਚ ਆਏ ਸਾਰੇ ਵਿਕਾਸਮਈ ਪ੍ਰਾਜੈਕਟਾਂ ਬਾਰੇ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਮੈਰੀਟੋਰੀਅਸ ਸਕੂਲਾਂ ਅਤੇ ਖੇਡ ਸਟੇਡੀਅਮਾਂ ਸਮੇਤ ਉੁਹਨਾਂ ਸਾਰੇ ਪ੍ਰਾਜੈਕਟਾਂ ਨੂੰ ਖ਼ਤਮ ਕਰਨ ਉੱਤੇ ਤੁਲੀ ਹੋਈ ਹੈ।
ਬੀਬੀ ਬਾਦਲ ਨੇ ਸ਼ਹਿਰ ਵਿਚ ਹੋਏ ਸਰਬਪੱਖੀ ਵਿਕਾਸ ਦਾ ਸਿਹਰਾ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਸਿਰ ਬੰਨ੍ਹਦਿਆਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਲਾਗੂ ਕੀਤੀਆਂ ਸੰਸਥਾਤਮਕ ਤਬਦੀਲੀਆਂ ਕਰਕੇ ਸਵੱਛ ਭਾਰਤ ਸਰਵੇਖਣ ਵਿਚ ਬਠਿੰਡਾ ਨੇ ਸੂਬੇ ਅੰਦਰ ਪਹਿਲਾ ਅਤੇ ਦੇਸ਼ ਵਿਚ 13 ਸਥਾਨ ਹਾਸਿਲ ਕੀਤਾ ਹੈ।
ਨਸ਼ਿਆਂ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਉੱਤੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਝੂਠ ਬੋਲਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝਾੜ ਪਾਉਂਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਨੂੰ ਨਾ ਸਿਰਫ ਝੂਠੇ ਵਾਅਦੇ ਕਰਨ ਸਗੋਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਵੀ ਕਰਾਰਾ ਸਬਕ ਸਿਖਾਉਣਗੇ।