ਬਠਿੰਡਾ/23 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 'ਘਰ ਘਰ ਨੌਕਰੀ' ਵਰਗੇ ਵਾਅਦਿਆਂ ਤੋਂ ਮੁਕਰ ਕੇ ਨੌਜਵਾਨਾਂ ਨੂੰ ਧੋਖਾ ਦਿੱਤਾ ਹੈ, ਜਿਸ ਦਾ ਨਤੀਜਾ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਭਾਈਕੇ ਦੇ ਪੜ੍ਹੇ ਲਿਖੇ ਨੌਜਵਾਨ ਜਗਸੀਰ ਸਿੰਘ ਦੀ ਮੰਦਭਾਗੀ ਖੁਦਕੁਸ਼ੀ ਦੇ ਰੂਪ ਵਿਚ ਸਾਹਮਣੇ ਆਇਆ ਹੈ।
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ (ਯੁਵਕ ਮਾਮਲੇ) ਸਰਦਾਰ ਬਿਕਰਮ ਸਿੰਘ ਮਜੀਠੀਅ ਨੇ ਇਹ ਗੱਲ ਅੱਜ ਮਾਨਸਾ ਵਿਚ ਜਗਸੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਹੀ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਇੱਕ ਬੇਹੱਦ ਪੜ੍ਹੇ ਲਿਖੇ ਐਮਫਿਲ ਅਤੇ ਯੂਜੀਸੀ ਨੈਟ ਪਾਸ ਸਕਾਲਰ ਨੇ ਖੁਦਕੁਸ਼ੀ ਕੀਤੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਗੱਲ ਇਸ ਕਰਕੇ ਹੋਰ ਵੀ ਦੁਖਾਂਤਕ ਹੋ ਜਾਂਦੀ ਹੈ ਕਿ ਜਗਸੀਰ ਨੂੰ ਆਪਣੀਆਂ ਦੋ ਭੈਣਾਂ ਦੀ ਪੜ੍ਹਾਈ ਦਾ ਖਰਚਾ ਤੋਰਨ ਲਈ ਮਜ਼ਦੂਰੀ ਕਰਨੀ ਪੈਂਦੀ ਸੀ। ਉਹਨਾਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਜਗਸੀਰ ਦੀ ਮੌਤ ਅਜਾਂਈ ਨਹੀਂ ਜਾਵੇਗੀ। ਉਹਨਾਂ ਕਿਹਾ ਕਿ ਅਸੀ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਉਠਾਵਾਂਗੇ ਅਤੇ ਸਰਕਾਰ ਨੂੰ ਜਗਸੀਰ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਲਈ ਮਜ਼ਬੂਰ ਕਰ ਦਿਆਂਗੇ।
ਕਾਂਗਰਸ ਸਰਕਾਰ ਨੂੰ ਵਾਅਦੇ ਮੁਤਾਬਿਕ ਨੌਜਵਾਨਾਂ ਦੀ ਭਰਤੀ ਸ਼ੁਰੂ ਕਰਨ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੀ ਚਿੰਤਾ ਦੀ ਗੱਲ ਹੈ ਕਿ ਹੁਣ ਉਹਨਾਂ ਕਿਸਾਨਾਂ ਵਾਂਗ ਨੌਜਵਾਨਾਂ ਨੇ ਵੀ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਹਨਾਂ ਨਾਲ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਇਸ ਇਲਾਕੇ ਵਿਚ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਤਿਓਣਾ ਪੁਜਾਰਾ ਪਿੰਡ ਦੇ ਹਰਮਨਦੀਪ ਨੇ ਖੁਦਕੁਸ਼ੀ ਕਰ ਲਈ ਸੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦਿਆਂਗੇ।
ਸਰਦਾਰ ਮਜੀਠੀਆ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਵਿਖੇ ਇੱਕ ਖੁਦਕੁਸ਼ੀ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ। ਦੱਸਣਯੋਗ ਹੈ ਕਿ ਅਕਾਲੀ ਦਲ ਨੇ ਪੀੜਤ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਪਰਿਵਾਰ ਦੇ ਦੋਵੇਂ ਬੱਚਿਆਂ ਮਨਮੀਤ ਅਤੇ ਹਰਦੀਪ ਦੀ ਪੜ੍ਹਾਈ ਦਾ ਖਰਚਾ ਪਾਰਟੀ ਵੱਲੋਂ ਚੁੱਕਿਆ ਜਾਵੇਗਾ। ਇਹਨਾਂ ਦੋਵੇਂ ਬੱਚਿਆਂ ਵਿਚੋਂ ਇੱਕ ਬੱਚੇ ਨੇ ਇਸ ਸਾਲ ਫਰਵਰੀ ਵਿਚ ਖੁਦਕੁਸ਼ੀ ਪੀੜਤ ਪਰਿਵਾਰਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਕੀਤੇ ਪ੍ਰਦਰਸ਼ਨ ਵਿਚ ਵੀ ਭਾਗ ਲਿਆ ਸੀ।
ਇਸ ਮੌਕੇ ਉੱਤੇ ਸਰਦਾਰ ਮਜੀਠੀਆ ਨੇ ਕਾਂਗਰਸ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਕੇ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੀ ਹੈ। ਉਹਨਾਂ ਕਿਹਾ ਕਿ ਆਰਥਿਕ ਦੁਸ਼ਵਾਰੀਆਂ ਨੇ ਕਿਸਾਨਾਂ ਦਾ ਜੀਉਣਾ ਮੁਹਾਲ ਕਰ ਰੱਖਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਕੰਨ ਬੰਦ ਕਰੀ ਬੈਠੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀ ਘੱਗਰ ਵਰਗੀਆਂ ਬਰਸਾਤੀ ਨਦੀਆਂ ਨੂੰ ਨੱਥ ਪਾਉਣ ਦੀ ਪ੍ਰਸਾਸ਼ਨਿਕ ਨਾਲਾਇਕੀ ਕਰਕੇ ਸੂਬੇ ਅੰਦਰ ਝੋਨੇ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਗਈ ਹੈ।
ਅਕਾਲੀ ਆਗੂ ਨੇ ਪਿੰਡ ਦੇ ਗੁਰਦੁਆਰਾ ਹਾਲ ਵਿਚ ਪਿੰਡ ਵਾਸੀਆਂ ਦੀ ਸ਼ਿਕਾਇਤਾਂ ਨੂੰ ਵੀ ਸੁਣਿਆ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਫਸਲੀ ਨੁਕਸਾਨ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ ਜਾਵੇਗਾ। ਇਸ ਮੌਕੇ ਪ੍ਰਭਾਵਿਤ ਪਿੰਡਾਂ ਗੰਗਾ ਅਬਲੂ, ਦਾਨ ਸਿੰਘ ਵਾਲਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਸੇਰਜਾ, ਕੋਠੇ ਚੇਤ ਸਿੰਘ ਵਾਲੇ ਅਤੇ ਬਰਕੰਡੀ ਦੇ ਕਿਸਾਨਾਂ ਨੇ ਸਰਦਾਰ ਮਜੀਠੀਆ ਨੂੰ ਮੀਹਾਂ ਨਾਲ ਹੋਏ ਆਪਣੇ ਫਸਲੀ ਨੁਕਸਾਨ ਤੋਂ ਜਾਣੂ ਕਰਵਾਇਆ। ਉਹਨਾਂ ਇਹ ਵੀ ਸ਼ਿਕਇਤ ਕੀਤੀ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਮੁੱਦੇ ਉਤੇ ਚੁੱਪ ਸਾਧ ਰੱਖੀ ਹੈ।
ਸਰਦਾਰ ਮਜੀਠੀਆ ਨੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਐਸਜੀਪੀਸੀ ਮੈਂਬਰ ਸਰਦਾਰ ਲਖਬੀਰ ਸਿੰਘ ਅਰਾਂਈਆਵਾਲਾ ਦੇ ਪਰਿਵਾਰ ਨਾਲ ਪਿੰਡ ਅਰਾਂਈਆਂਵਾਲਾ, ਜ਼ਿਲ੍ਹਾ ਫਰੀਦਕੋਟ ਵਿਖੇ ਦੁੱਖ ਸਾਂਝਾ ਕੀਤਾ। ਉਹਨਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ। ਇਸ ਮੌਕੇ ਉਹਨਾਂ ਨੇ ਸਵਰਗੀ ਅਰਾਂਈਆਂਵਾਲਾ ਦੀ ਪਾਰਟੀ ਨਾਲ ਪੁਰਾਣੀ ਸਾਂਝ ਨੂੰ ਚੇਤੇ ਕੀਤਾ ਅਤੇ ਸਵਰਗੀ ਆਗੂ ਨੂੰ ਅਕਾਲੀ ਦਲ ਦਾ ਇੱਕ ਦਲੇਰ ਅਤੇ ਮਿਹਨਤੀ ਮੈਂਬਰ ਕਰਾਰ ਦਿੱਤਾ।
ਸਰਦਾਰ ਮਜੀਠੀਆ ਨੇ ਅਕਾਲੀ ਦਲ ਵੱਲੋਂ ਜਗਸੀਰ ਦੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਮੱਦਦ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਇਹ ਵੀ ਘੋਸ਼ਣਾ ਕੀਤੀ ਕਿ ਜਗਸੀਰ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਖਰਚਾ ਵੀ ਪਾਰਟੀ ਵੱਲੋਂ ਉਠਾਇਆ ਜਾਵੇਗਾ।