ਨਕੋਦਰ/20 ਮਈ: ਸ਼ਾਹਕੋਟ ਜ਼ਿਮਨੀ ਚੋਣ ਮੁਕਾਬਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਜ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਸਿਆਸਤਦਾਨ ਅਤੇ ਸਨਮਾਨਿਤ ਕੰਬੋਜ ਆਗੂ ਕਰਨਲ ਸੀਡੀ ਸਿੰਘ ਕੰਬੋਜ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਕਰਨਲ ਸੀਡੀ ਕੰਬੋਜ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀਨੀਅਰ ਆਗੂ ਆਪਣੀ ਰਣਨੀਤਿਕ ਸੋਚ ਅਤੇ ਪ੍ਰੋੜ ਸਿਆਸੀ ਵਤੀਰੇ ਕਰਕੇ ਜਾਣੇ ਜਾਂਦੇ ਹਨ। ਕਰਨਲ ਕੰਬੋਜ ਦੇ ਸ਼ਾਮਿਲ ਹੋਣ ਨਾਲ ਅਕਾਲੀ ਦਲ ਸਿਰਫ ਦੁਆਬਾ ਖੇਤਰ ਵਿਚ ਹੀ ਨਹੀਂ, ਸਗੋਂ ਸਮੁੱਚੇ ਸੂਬੇ ਅੰਦਰ ਮਜ਼ਬੂਤੀ ਹਾਸਿਲ ਕਰੇਗਾ। ਉਹਨਾਂ ਕਿਹਾ ਕਿ ਕਰਨਲ ਕੰਬੋਜ ਨੇ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਕਰਨਲ ਕੰਬੋਜ ਇਸ ਤੋਂ ਪਹਿਲਾਂ ਬਸਪਾ ਦੇ ਸੂਬਾ ਪ੍ਰਧਾਨ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਹਲਕੇ ਕਾਂਗਰਸ ਦੀ ਟਿਕਟ ਉੱਤੇ ਦੋ ਵਾਰ ਚੋਣ ਵੀ ਲੜ ਚੁੱਕੇ ਹਨ। ਉਹਨਾਂ ਨੇ ਕੰਬੋਜ ਮਹਾਂਸਭਾ ਦੇ ਪ੍ਰਧਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਵਜੋਂ ਵੀ ਸੇਵਾ ਨਿਭਾਈ ਹੈ।
ਇਸ ਮੌਕੇ ਉੱਪਰ ਬੋਲਦਿਆਂ ਕਰਨਲ ਕੰਬੋਜ ਨੇ ਕਿਹਾ ਕਿ ਉਹ ਨਾਮੀ ਬਦਮਾਸ਼ ਅਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੁੰ ਹਰਾਉਣ ਵਾਸਤੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ। ਉਹਨਾਂ ਕਿਹਾ ਕਿ ਲਾਡੀ ਦੇ ਮਾੜੇ ਕੰਮਾਂ ਦੇ ਸਿਰਫ ਵੀਡਿਓਗ੍ਰਾਫਿਕ ਸਬੂਤ ਹੀ ਮੌਜੂਦ ਨਹੀਂ, ਸਗੋਂ ਇੱਕ ਗਵਾਹ ਨੇ ਸਾਹਮਣੇ ਆ ਕੇ ਵੀ ਇਹਨਾਂ ਗੱਲਾਂ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਵੱਲੋਂ ਲਾਡੀ ਨੂੰ ਬਚਾਇਆ ਜਾ ਰਿਹਾ ਹੈ।
ਕਰਨਲ ਕੰਬੋਜ ਨੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ•ਾਂ 2017 ਦੀ ਵਿਧਾਨ ਸਭਾ ਚੋਣ ਹਾਰਨ ਮਗਰੋਂ ਕਾਂਗਰਸੀ ਉਮੀਦਵਾਰ ਨੇ ਕੰਬੋਜ ਭਾਈਚਾਰੇ ਅਤੇ ਇਸ ਦੇ ਮੈਂਬਰਾਂ ਦਾ ਨਿਰਾਦਰ ਕੀਤਾ ਸੀ। ਉਹਨਾਂ ਕਿਹਾ ਕਿ ਕੰਬੋਜ ਭਾਈਚਾਰ ਕਾਂਗਰਸੀ ਉਮੀਦਵਾਰ ਨਾਲ ਬੇਹੱਦ ਨਾਰਾਜ ਹੈ। ਉਹਨਾਂ ਇਹ ਵੀ ਦੱਸਿਆ ਕਿ ਕਾਂਗਰਸ ਹਾਈਕਮਾਂਡ ਲਾਡੀ ਵਰਗੇ ਬੰਦਿਆਂ ਖਿਲਾਫ ਕਾਰਵਾਈ ਕਰਨ ਤੋਂ ਬੇਵਸ ਜਾਪਦੀ ਹੈ ਜੋ ਕਿ ਪਾਰਟੀ ਦਾ ਨਾਂ ਖਰਾਬ ਕਰ ਰਹੇ ਹਨ। ਉਹਨਾਂ ਕਿਹਾ ਲਾਡੀ ਵਰਗੇ ਬਦਨਾਮ ਬੰਦਿਆਂ ਨੂੰ ਕਾਂਗਰਸ ਪਾਰਟੀ ਟਿਕਟਾਂ ਦੇ ਕੇ ਸਨਮਾਨਿਤ ਕਰ ਰਹੀ ਹੈ। ਇਸ ਤੋਂ ਕਾਂਗਰਸ ਦੇ ਨੈਤਿਕ ਦੀਵਾਲੀਏਪਣ ਦੀ ਝਲਕ ਮਿਲਦੀ ਹੈ।
ਸੀਨੀਅਰ ਸਿਆਸਤਦਾਨ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਕਾਂਗਰਸ ਸਰਕਾਰ ਨੇ ਜਿਸ ਢੰਗ ਨਾਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿਚੋਂ ਦਸਾਂ ਗੁਰੂਆਂ ਦੇ ਇਤਿਹਾਸ ਉੱਤ ਲੀਕ ਫੇਰ ਕੇ ਸਿੱਖ ਭਾਈਚਾਰੇ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਇਹ ਗੱਲ ਉਹਨਾਂ ਨੂੰ ਬਹੁਤ ਚੁਭੀ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਕੋਈ ਵੀ ਭਾਈਚਾਰਾ ਜਾਂ ਰਾਜ ਆਪਣੇ ਸੱਭਿਆਚਾਰ ਨੂੰ ਖਤਮ ਕਰਕੇ ਸਲਾਮਤ ਨਹੀਂ ਰਹਿ ਸਕਦਾ। ਉਹਨਾਂ ਇਹ ਵੀ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੂਝ ਬੂਝ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਮਹਿਸੂਸ ਕਰਦੇ ਹਨ ਕਿ ਸਰਦਾਰ ਬਾਦਲ ਹੀ ਸੂਬੇ ਨੂੰ ਅੱਗੇ ਲਿਜਾ ਸਕਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਡਾਕਟਰ ਅਮਰਜੀਤ ਥਿੰਦ, ਐਚ ਐਸ ਵਾਲੀਆ, ਬ੍ਰਿਜ ਭੁਪਿੰਦਰ ਸਿੰਘ ਲਾਲੀ ਅਤੇ ਸਰਬਜੋਤ ਸਿੰਘ ਸਾਬੀ ਵੀ ਹਾਜ਼ਿਰ ਸਨ।