ਕਿਹਾ ਕਿ ਖੇਤੀ ਵਸਤਾਂ ਦਾ ਮੁੱਲ ਵਧਾਉਣ ਅਤੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਵਾਸਤੇ ਇਸ ਪਾਰਕ ਨੂੰ 15 ਦਿਨਾਂ ਦੇ ਵਿਚ ਚਾਲੂ ਕੀਤਾ ਜਾਣਾ ਚਾਹੀਦਾ ਹੈ
ਚੰਡੀਗੜ•/20 ਜਨਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਦਖ਼ਲ ਦੇ ਕੇ ਲਾਧੋਵਾਲ ਵਿਖੇ ਪੀਏਆਈਸੀ ਦੇ ਮੈਗਾ ਫੂਡ ਪਾਰਕ ਨੂੰ ਜਲਦੀ ਮੁਕੰਮਲ ਕਰਵਾਉਣ ਤਾਂ ਕਿ ਅਗਲੇ 15 ਦਿਨਾਂ ਵਿਚ ਇਸ ਦਾ ਉਦਘਾਟਨ ਕੀਤਾ ਜਾ ਸਕੇ।
ਮੁੱਖ ਮੰਤਰੀ ਨੂੰ ਇਸ ਸੰਬੰਧੀ ਇੱਕ ਪੱਤਰ ਲਿਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਲੁਧਿਆਣਾ ਵਿਚ ਲਾਧੋਵਾਲ ਵਿਖੇ ਪੀਏਆਈਸੀ ਦੇ ਮੈਗਾ ਫੂਡ ਪਾਰਕ ਦੇ ਕੰਮ ਨੂੰ ਬੋਲੋੜਾ ਲਟਕਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦਾ ਬਚਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਜਾਵੇ ਤਾਂ ਕਿ ਖੇਤੀ ਵਸਤਾਂ ਦੇ ਮੁੱਲ ਵਿਚ ਵਾਧਾ ਹੋਵੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ।
ਬੀਬੀ ਬਾਦਲ ਨੇ ਪੱਤਰ ਵਿਚ ਕਿਹਾ ਕਿ ਉਹਨਾਂ ਵੱਲੋਂ 11 ਜਨਵਰੀ ਨੂੰ ਪਾਰਕ ਵਿਖੇ ਲਈ ਗਈ ਰੀਵਿਊ ਮੀਟਿੰਗ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਪੀਏਆਈਸੀ ਵੱਲੋਂ ਸੱਤ ਮਹੀਨਿਆਂ ਤਕ ਸਪਾਇਰਲ ਫਰੀਜਰ ਅਤੇ ਡੀਹਾਈਡਰੇਸ਼ਨ ਲਾਇਨ ਵਾਸਤੇ ਟੈਂਡਰ ਨਹੀਂ ਸੀ ਕੱਢਿਆ ਗਿਆ ਅਤੇ ਉਹਨਾਂ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਇਹ ਟੈਂਡਰ ਕੱਢਿਆ ਗਿਆ ਸੀ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦਾ ਇਹ ਪਹਿਲਾ ਪਾਰਕ ਹੈ, ਜਿਸ ਵਿਚ ਪਾਰਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਪ੍ਰਾਈਵੇਟ ਯੂਨਿਟ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਾਰਕ ਉਸਾਰੀ ਦੇ ਕੰਮ ਦਾ ਜਾਇਜ਼ਾ ਲੈਣ ਲਈ ਲਗਾਤਾਰ ਮੀਟਿੰਗਾਂ ਕਰਨ ਅਤੇ ਇਸ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਕੰਮ ਅੱਗੇ ਨਹੀਂ ਵਧ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੀਏਆਈਸੀ ਨੇ ਉਹਨਾਂ ਨੂੰ ਸੱਤ ਮਹੀਨੇ ਪਹਿਲਾਂ ਦੱਸਿਆ ਸੀ ਕਿ ਸਪਾਇਰਲ ਫਰੀਜ਼ਰ ਵਾਸਤੇ ਟੈਂਡਰ ਤਿਆਰ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਨੇ ਇਹ ਫੈਸਲਾ ਲੈਣ ਵਿਚ ਸੱਤ ਮਹੀਨੇ ਲਗਾ ਦਿੱਤੇ ਕਿ ਡੀਹਾਈਡਰੇਸ਼ਨ ਲਾਇਨ ਦੇ ਪੁਰਜ਼ਿਆਂ ਨੂੰ ਤਬਦੀਲ ਕਰਨ ਦੀ ਲੋੜ ਹੈ।
ਬੀਬੀ ਬਾਦਲ ਨੇ ਕਿਹਾ ਕਿ 117 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨੂੰ, ਜਿਸ ਵਾਸਤੇ 50 ਕਰੋੜ ਰੁਪਏ ਕੇਂਦਰ ਵੱਲੋਂ ਦਿੱਤੇ ਗਏ ਹਨ, ਜੂਨ 2018 ਤਕ ਤਿਆਰ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਪ੍ਰਾਜੈਕਟ ਦੇ ਲਟਕਣ ਨਾਲ ਨਾ ਸਿਰਫ ਸੂਬੇ ਦੀ ਖੇਤੀ ਅਰਥ ਵਿਵਸਥਾ ਨੂੰ ਨੁਕਸਾਨ ਪੁੱਜ ਰਿਹਾ ਹੈ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਸੱਟ ਵੱਜ ਰਹੀ ਹੈ।