ਪਰਿਵਾਰਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਮੁਹਿੰਮ ਹੋਰ ਤੇਜ਼ ਕਰੇਗਾ : ਰੋਮਾਣਾ, ਸਾਬੀ
ਤਰਨਤਾਰਨ, 3 ਅਗਸਤ : ਯੂਥ ਅਕਾਲੀ ਦਲ ਵੱਲੋਂ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਐਸ ਐਸ ਪੀ ਤਰਨਤਾਰਨ ਦੇ ਦਫਤਰ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਧਰਨਾ ਦਿੱਤਾ ਜਿਸ ਤੋਂ ਮਜਬੂਰ ਹੋ ਕੇ ਤਰਨਤਾਰਨ ਪੁਲਿਸ ਨੇ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਿਸ ਵਿਚ ਉਹਨਾਂ ਤ੍ਰਾਸਦੀ ਲਈ ਵਿਧਾਇਮ ਰਮਨਜੀਤ ਸਿੰਘ ਸਿੱਕੀ ਤੇ ਉਹਨਾਂ ਦੇ ਪੀ ਏ ਜਰਮਨਜੀਤ ਸਿੰਘ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ।
ਅੱਜ ਜਦੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਨੂੰ ਨਾਲ ਲੈ ਕੇ ਐਸ ਐਸ ਪੀ ਦਫਤਰ ਮੂਹਰੇ ਧਰਨਾ ਦੇਣ ਪੁੱਜੇ ਤਾਂ ਪ੍ਰਬੰਧਕਾਂ ਨੇ ਮਿੰਨੀ ਸਕੱਤਰੇਤ ਦਾ ਗੇਟ ਬੰਦ ਕਰ ਲਿਆ। ਇਸ ਮਗਰੋਂ ਧਰਨਾ ਸ਼ੁਰੂ ਹੋਇਆ ਤਾਂ ਐਸ ਐਸ ਪੀ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ। ਸਾਰੀ ਗੱਲਬਾਤ ਸੁਣਨ ਮਗਰੋਂ ਉਹਨਾਂ ਨੇ ਐਸ ਐਚ ਓ ਪੁਲਿਸ ਥਾਣਾ ਸਦਰ ਨੂੰ ਮੌਕੇ 'ਤੇ ਸੱਦ ਲਿਆ ਤੇ ਉਹਨਾਂ ਨੂੰ ਪੀੜ•ਤ ਪਰਿਵਾਰਾਂ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਇਸ ਉਪਰੰਤ ਸੀਨੀਅਰ ਲੀਡਰਸ਼ਿਪ ਸਮੇਤ ਯੂਥ ਅਕਾਲੀ ਦਲ ਨੇਤਾ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਪੁਲਿਸ ਥਾਣਾ ਸਦਰ ਪੁੱਜੇ ਜਿਥੇ ਐਸ ਐਚ ਓ ਫਿਰ ਨਾਂਹ ਨੁੱਕਰ ਕਰਨ ਲੱਗ ਪਿਆ ਤਾਂ ਅਕਾਲੀ ਲੀਡਰਸ਼ਿਪ ਤੇ ਪਰਿਵਾਰਾਂ ਨੇ ਜੀ ਟੀ ਰੋਡ 'ਤੇ ਧਰਨਾ ਲਾਉਣ ਦੀ ਧਮਕੀ ਦਿੱਤੀ ਤਾਂ ਜਾ ਕੇ ਬਿਆਨ ਦਰਜ ਕੀਤੇ ਗਏ। ਬਿਆਨਾਂ ਵਿਚ ਪਰਿਵਾਰਾਂ ਨੇ ਸਪਸ਼ਟ ਲਿਖਵਾਇਆ ਹੈ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਹਨਾਂ ਦੇ ਪੀ ਏ ਜਰਮਨਜੀਤ ਸਿੰਘ ਨਕਲੀ ਸ਼ਰਾਬ ਦਾ ਇਹ ਸਾਰੇ ਧੰਦਾ ਚਲਾਉਂਦੇ ਹਨ ਤੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਹੀ ਘਰ ਘਰ ਇਹ ਸ਼ਰਾਬ ਪਹੁੰਚਦੀ ਹੈ ਜਿਸ ਕਾਰਨ 112 ਮੌਤਾਂ ਹੋਈਆਂ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਤ੍ਰਾਸਦੀ ਵਿਚ 112 ਜਣਿਆਂ ਦੀ ਮੌਤ ਗਈ ਹੈ ਤੇ ਪੁਲਿਸ ਨੇ ਆਬਕਾਰੀ ਐਕਟ ਦੀਆਂ ਮਾਮੂਲੀ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ ਤੇ ਮੁੱਖ ਦੋਸ਼ੀਆਂ ਦੇ ਨਾਂ ਵੀ ਕੇਸ ਵਿਚ ਨਹੀਂ ਪਾਏ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਸਪਸ਼ਟ ਆਖ ਰਹੇ ਹਨ ਕਿ ਨਕਲੀ ਸ਼ਰਾਬ ਦੇ ਇਸ ਗੋਰਖਧੰਦੇ ਵਿਚ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਡਾ. ਧਰਮਬੀਰ ਅਗਨੀਹੋਤਰੀ, ਸੁਖਵਿੰਦਰ ਸਿੰਘ ਡੈਨੀ, ਸੁਖਪਾਲ ਸਿੰਘ ਭੁੱਲਰ ਅਤੇ ਹਰਮਿੰਦਰ ਗਿੱਲ ਦੇ ਨਾਂ ਲਏ ਜਾ ਰਹੇ ਹਨ ਕਿ ਇਹਨਾਂ ਦੀ ਸਰਪ੍ਰਸਤੀ ਹੇਠ ਨਕਲੀ ਸ਼ਰਾਬ ਦਾ ਇਹ ਧੰਦਾ ਚਲਦਾ ਸੀ ਤੇ ਇਹਨਾਂ ਕੇਸ ਖਿਲਾਫ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਕਾਨੂੰਨ ਇਹ ਹੈ ਕਿ ਪੀੜਤਾਂ ਦੇ ਬਿਆਨ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ ਕੇਸ ਦਰਜ ਹੁੰਦੇ ਹਨ ਤੇ ਪੁਲਿਸ ਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਪਰ ਪੁਲਿਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਯਤਨ ਕਰ ਰਹੀ ਹੈ।
ਦੋਹਾਂ ਆਗੂਆਂ ਨੇ ਮੁੱਖ ਮੰਤਰੀ ਵੱਲੋਂ ਐਲਾਨੀ ਮੈਜਿਸਟਰੇਟੀ ਜਾਂਚ ਰੱਦ ਕਰਦਿਆਂ ਸਵਾਲ ਕੀਤਾ ਕਿ ਇਕ ਸਰਕਾਰ ਮੁਲਾਜ਼ਮ ਮੰਤਰੀਆਂ ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਖਿਲਾਫ ਜਾਂਚ ਕਿਵੇਂ ਕਰ ਸਕਦਾ ਹੈ ? ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਾਂਚ ਦੇ ਦਾਇਰੇ ਵਿਚ ਰਾਣਾ ਗੁਰਜੀਤ ਸਿੰਘ ਤੇ ਪਰਮਜੀਤ ਸਿੰਘ ਸਰਨਾ ਦੀਆਂ ਉਹ ਡਿਸਟੀਲਰੀਆ ਵੀ ਲਿਆਂਦੀਆਂ ਜਾਣ ਜਿਹਨਾਂ ਨੇ ਨਕਲੀ ਸ਼ਰਾਬ ਬਣਾਉਣ ਵਾਸਤੇ ਈ ਐਨ ਏ ਸਪਲਾਈ ਕੀਤਾ ਤੇ ਇਹਨਾਂ 'ਤੇ ਕੇਸ ਵੀ ਦਰਜ ਹੋਣਾ ਚਾਹੀਦਾ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਇਹ ਕਹਿੰਦਾ ਰਿਹਾ ਹੈ ਕਿ ਜੇਕਰ ਸਰਕਾਰ ਨੇ ਪਹਿਲਾਂ ਹੀ ਰਾਜਪੁਰਾ ਵਿਚ ਨਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੁੰਦੀ ਤਾਂ ਅੱਜ 112 ਜਾਨਾਂ ਨਾ ਜਾਂਦੀਆਂ ਤੇ ਇਹ ਦਿਨ ਨਾ ਵੇਖਣਾ ਪੈਂਦਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਸਕੱਤਰ ਨੇ ਵੀ ਸਰਕਾਰ ਨੂੰ ਇਹ ਕਿਹਾ ਸੀ ਕਿ ਸਰਕਾਰ ਦੇ ਮੰਤਰੀ ਨਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਹਨ ਪਰ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਮੁੱਖ ਸਕੱਤਰ ਨੂੰ ਚੇਅਰਮੈਨ ਬਣਾ ਕੇ ਖੁਸ਼ ਕਰ ਦਿੱਤਾ ਤੇ ਮੰਤਰੀਆਂ ਨੂੰ ਮੁੱਖ ਸਕੱਤਰ ਬਦਲਕੇ ਜਦਕਿ ਨਜਾਇਜ਼ ਸ਼ਰਾਬ ਦੇ ਮਾਮਲੇ ਵਿਚ ਕੁਝ ਨਹੀਂ ਕੀਤਾ ਗਿਆ।
ਪਰਮਬੰਸ ਸਿੰਘ ਰੋਮਾਣਾ ਤੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਸ ਤੋਂ ਵੀ ਵੱਡੀ ਤਰਾਸਦੀ ਇਹ ਹੈ ਕਿ ਪੁਲਿਸ ਤੇ ਆਬਕਾਰੀ ਵਿਭਾਗ ਐਨਫੋਰਸਮੈਂਟ ਡਾਇਰੈਕਟੋਰਟ (ਈ ਡੀ) ਨੂੰ ਨਜਾਇਜ਼ ਸ਼ਰਾਬ ਦੇ ਮਾਮਲੇ ਵਿਚ ਰਿਕਾਰਡ ਹੀ ਨਹੀਂ ਰਹੀ।