ਜਲੰਧਰ/20 ਮਈ:ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ, ਜਦੋਂ ਇਸ ਦੇ ਜਲੰਧਰ ਕੈਂਟ ਤੋਂ ਉਮੀਦਵਾਰ ਰਹੇ ਐਚ ਐਸ ਵਾਲੀਆ ਆਪ ਦੀ ਸਥਾਨਕ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਸਮਰਥਕਾਂ ਸਣੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਇਸ ਇਲਾਕੇ ਅੰਦਰ ਆਪਣਾ ਮਜ਼ਬੂਤ ਆਧਾਰ ਬਣਾਉਣ ਵਾਲੇ ਆਪ ਆਗੂ ਨੇ ਕਿਹਾ ਕਿ ਉਹ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਸੋਚ ਕਰਕੇ ਇਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਂ ਆਪ ਵਿਚ ਇਸ ਲਈ ਸ਼ਾਮਿਲ ਹੋਇਆ ਸੀ, ਕਿਉਂਕਿ ਇਹ ਉੱਚੇ ਆਦਰਸ਼ਾਂ ਨੂੰ ਪ੍ਰਣਾਈ ਹੋਣ ਦੇ ਦਾਅਵੇ ਕਰਦੀ ਸੀ। ਪਰੰਤੂ ਹੌਲੀ ਹੌਲੀ ਮੈਨੂੰ ਪਤਾ ਚੱਲਿਆ ਕਿ ਇਹ ਪਾਰਟੀ ਮੁਕੰਮਲ ਤੌਰ ਤੇ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਇਸ ਦਾ ਪੰਜਾਬੀਆਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨਾਲ ਦੂਰ ਦਾ ਵਾਸਤਾ ਨਹੀਂ ਹੈ। ਇਸ ਤੋਂ ਇਲਾਵਾ ਆਪ ਨੂੰ ਦਿੱਲੀ ਵਿਚ ਬੈਠੇ ਤਾਨਾਸ਼ਾਹ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਚਲਾਇਆ ਜਾਂਦਾ ਹੈ , ਜੋ ਕਿ ਸਥਾਨਕ ਲੀਡਰਸ਼ਿਪ ਦੀ ਬਿਲਕੁੱਲ ਵੀ ਕਦਰ ਨਹੀਂ ਕਰਦੇ। ਸਰਦਾਰ ਵਾਲੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਕਾਲੀ ਦਲ ਲਈ ਬਿਨਾਂ ਸ਼ਰਤ ਇੱਕ ਪ੍ਰਤੀਬੱਧ ਸਿਪਾਹੀ ਵਾਂਗ ਕੰਮ ਕਰਨਗੇ।
ਸਰਦਾਰ ਵਾਲੀਆ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨੌਜਵਾਨ ਆਗੂ ਨੇ ਬਹੁਤ ਥੋੜ•ੇ ਸਮੇਂ ਵਿਚ ਆਪਣਾ ਨਾਂ ਬਣਾਇਆ ਹੈ। ਇਹ ਆਗੂ ਜਲੰਧਰ ਜ਼ਿਲ•ੇ ਵਿਚ ਅਕਾਲੀ ਦਲ ਲਈ ਇੱਕ ਸਰਮਾਇਆ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਪਾਰਟੀ ਅੰਦਰ ਵਾਲੀਆ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰ•ਾਂ ਕਾਂਗਰਸ ਅਤੇ ਆਪ ਦੇ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਉਸ ਤੋਂ ਨਾ ਸਿਰਫ ਕਾਂਗਰਸ ਸਰਕਾਰ ਦੇ ਕੰਮਕਾਜ ਦੇ ਢੰਗ ਦੀ ਝਲਕ ਮਿਲਦੀ ਹੈ, ਸਗੋਂ ਆਪ ਪ੍ਰਤੀ ਲੋਕਾਂ ਅੰਦਰ ਉਪਜੀ ਨਿਰਾਸ਼ਤਾ ਦਾ ਵੀ ਸੰਕੇਤ ਮਿਲਦਾ ਹੈ। ਉਹਨਾਂ ਕਿਹਾ ਕਿ ਸਿਆਸੀ ਆਗੂ ਆਮ ਕਰਕੇ ਕਿਸੇ ਸਰਕਾਰ ਦਾ ਕਾਰਜਕਾਲ ਮੁੱਕਣ ਸਮੇਂ ਪਾਰਟੀਆਂ ਬਦਲਦੇ ਹਨ, ਪਰ ਮੌਜੂਦਾ ਸਮੇਂ ਆਗੂ ਵੱਡੀ ਗਿਣਤੀ ਵਿਚ ਕਾਂਗਰਸ ਨੂੰ ਇਸ ਲਈ ਛੱਡ ਰਹੇ ਹਨ, ਕਿਉਂਕਿ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਮਗਰੋਂ ਇਹ ਪਾਰਟੀ ਪੂਰੀ ਤਰ•ਾਂ ਆਪਣਾ ਆਧਾਰ ਖੋ ਚੁੱਕੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਅੱਯਾਲੀ, ਪਵਨ ਟੀਨੂੰ, ਬਲਜੀਤ ਨੀਲਮਾਹਲ, ਕੁਲਵੰਤ ਸਿੰਘ ਮਾਨ, ਗੁਰਚਰਨ ਸਿੰਘ ਚੰਨੀ ਅਤੇ ਡਾਕਟਰ ਅਮਰਜੀਤ ਥਿੰਦ ਵੀ ਮੌਜੂਦ ਸਨ। ਆਪ ਵਿਚੋਂ ਅੱਜ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਗੁਰਦਿਆਲ ਸਿੰਘ ਸੰਧੂ, ਮਨੀਸ਼ ਸ਼ਰਮਾ, ਮਨਪ੍ਰੀਤ ਸਿੰਘ ਅਤੇ ਡੌਲੀ ਹਾਂਡਾ ਸ਼ਾਮਿਲ ਸਨ।